ਬੰਦ ਕਰੋ

ਏ.ਡੀ.ਸੀ. ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸਾਂਝੀ ਸਿੱਖਿਆ ਨੇ ਪਿੰਡ ਅਰਾਈਂ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਦਲੀ ਨੁਹਾਰ

ਪ੍ਰਕਾਸ਼ਨ ਦੀ ਮਿਤੀ : 28/11/2018
.

ਏ.ਡੀ.ਸੀ. ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸਾਂਝੀ ਸਿੱਖਿਆ ਨੇ ਪਿੰਡ ਅਰਾਈਂ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਦਲੀ ਨੁਹਾਰ
ਸਾਂਝੀ ਸਿੱਖਿਆ ਸੰਸਥਾ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜ਼ਿਲ੍ਹੇ ਦੇ 30 ਸਕੂਲਾਂ ਦੀ ਕੀਤੀ ਪਹਿਚਾਣ
ਸੰਸਥਾ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ
ਫ਼ਤਹਿਗੜ੍ਹ ਸਾਹਿਬ, 28 ਨਵੰਬਰ:-
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅਰਾਈਂ ਮਾਜਰਾ ਦਾ ਪ੍ਰਾਇਮਰੀ ਸਰਕਾਰੀ ਸਕੂਲ ਅੱਜ ਆਪਣੀਆਂ ਪ੍ਰਾਪਤੀਆਂ ਦੇ ਸਿਖਰ ‘ਤੇ ਖੜ੍ਹਾ ਹੈ ਜਿਸ ਨੂੰ ਕਿ ਚਾਰ ਮਹੀਨੇ ਪਹਿਲਾਂ ਇੱਕ ਅਜਿਹੇ ਸਕੂਲ ਵਜੋਂ ਜਾਣਿਆਂ ਜਾਂਦਾ ਸੀ ਜਿੱਥੇ ਕਿ ਬੁਨਿਆਦੀ ਢਾਂਚੇ ਦੀ ਘਾਟ ਸੀ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ‘ ਸਾਂਝੀ ਸਿੱਖਿਆ ‘ ਦੇ ਵਲੰਟੀਅਰਾਂ ਨੇ ਜਦੋਂ ਇਸ ਸਕੂਲ ਦੀਆਂ ਵਿਆਪਕ ਲੋੜਾਂ ਦਾ ਮੁਲਾਂਕਣ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਰਾਈਂ ਮਾਜਰਾ ਦਾ ਬੁਨਿਆਦੀ ਢਾਂਚਾ ਮਿਆਰ ਅਨੁਸਾਰ ਸਹੀ ਨਹੀਂ ਹੈ, ਜਿਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਸਕੂਲ ਦੀ ਇਮਾਰਤ ਦੀ ਹਾਲਤ ਵੀ ਕਾਫ਼ੀ ਖਸਤਾ ਸੀ ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਬਦਲਣ ਲਈ ਸਕੂਲ ਦੇ ਈ.ਟੀ.ਟੀ. ਅਧਿਆਪਕ ਜਸਪ੍ਰੀਤ ਸਿੰਘ, ਸਕੂਲ ਦੇ ਕਰਮਚਾਰੀਆਂ ਅਤੇ ਸਾਂਝੀ ਸਿੱਖਿਆ ਦੀ ਟੀਮ ਨੇ ਇੱਕ ਵਿਆਪਕ ਯੋਜਨਾ ਉਲੀਕ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ। ਰਿਪੋਰਟ ਅਨੁਸਾਰ ਸਕੂਲ ਦੀ ਮੁੱਖ ਲੋੜ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਫ਼ੰਡਾਂ ਦੀ ਸੀ ਅਤੇ ਸਾਂਝੀ ਸਿੱਖਿਆ ਸੰਸਥਾ ਵੱਲੋਂ ਇਸ ਮੰਤਵ ਲਈ 70 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ। ਸਾਂਝੀ ਸਿੱਖਿਆ ਅਤੇ ਸਕੂਲ ਦੇ ਈ.ਟੀ.ਟੀ. ਅਧਿਆਪਕ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਅੱਜ ਇਸ ਸਕੂਲ ਦੀ ਇਮਾਰਤ ਹੋਰਨਾ ਸਰਕਾਰੀ ਪ੍ਰਾਇਮਰੀ ਸਕੂਲਾਂ ਨਾਲੋਂ ਕਿਤੇ ਬਿਹਤਰ ਵਿਖਾਈ ਦਿੰਦੀ ਹੈ ਅਤੇ ਇਸ ਸਕੂਲ ਦੀ ਇਮਾਰਤ ਨੂੰ ਵੇਖ ਕੇ ਇਕ ਮਾਡਲ ਸਕੂਲ ਦੀ ਝਲਕ ਪੈਂਦੀ ਹੈ। ਇਸ ਤਰ੍ਹਾਂ ਇਸ ਸੰਸਥਾ ਨੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।
ਇੱਥੇ ਵਰਨਣਯੋਗ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ” ਸਾਂਝੀ ਸਿੱਖਿਆ ” ਨਾਂ ਹੇਠ ਸੰਸਥਾ ਦਾ ਗਠਨ ਕੀਤਾ ਹੈ, ਜਿਸ ਦਾ ਮੁੱਖ ਮੰਤਵ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਮਿਆਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਇਹ ਬੱਚੇ ਵੱਡੇ ਹੋ ਕੇ ਉੱਚ ਅਹੁਦਿਆਂ ‘ਤੇ ਪਹੁੰਚ ਸਕਣ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹ ਸੰਸਥਾ ਵਧੀਕ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਦੇ ਮਾਰਗ ਦਰਸ਼ਨ ਨਾਲ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਸਾਰੂ ਯਤਨ ਕਰ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੰਸਥਾ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪਹਿਲੇ ਪੜਾਅ ਵਿੱਚ ਜ਼ਿਲ੍ਹੇ ਦੇ 30 ਸਕੂਲਾਂ ਦੀ ਪਹਿਚਾਣ ਕੀਤੀ ਹੈ ਜਦੋਂ ਕਿ ਪੜਾਅ ਵਾਰ ਜ਼ਿਲ੍ਹੇ ਦੇ ਹੋਰ ਸਕੂਲਾਂ ਵਿੱਚ ਵੀ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਦਾ ਯਤਨ ਕੀਤਾ ਜਾਵੇਗਾ।
ਨੰ: ਲਸਫਸ (ਪ੍ਰੈ:ਰੀ:)-18/1250