ਬੰਦ ਕਰੋ

ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਦੀਪਿੰਦਰ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਨਵੀਂ ਵੈਬਸਾਈਟ ਨੂੰ ਕੀਤਾ ਜਾਰੀ

ਪ੍ਰਕਾਸ਼ਨ ਦੀ ਮਿਤੀ : 30/10/2018
.

ਆਮ ਲੋਕ ਪੰਜਾਬੀ ਭਾਸ਼ਾ ਵਿੱਚ ਵੀ ਵੈਬਸਾਈਟ ਤੋਂ ਜਾਣਕਾਰੀ ਹਾਸਲ ਕਰ ਸਕਣਗੇ
ਅੱਖਾਂ ਤੋਂ ਨਾ ਵੇਖ ਸਕਣ ਵਾਲੇ ਵਿਅਕਤੀ ਵੀ ਵੈਬਸਾਈਟ ਤੋਂ ਬਰੇਲ ਭਾਸ਼ਾ ਰਾਹੀਂ ਹਾਸਲ ਕਰ ਸਕਣਗੇ ਸਾਰੀ ਜਾਣਕਾਰੀ
ਵੈਬਸਾਈਟ ‘ਤੇ ਜ਼ਿਲ੍ਹੇ ਨਾਲ ਸਬੰਧਤ ਸਾਰੀ ਜਾਣਕਾਰੀ ਲਗਾਤਾਰ ਕੀਤੀ ਜਾਵੇਗੀ ਅਪਡੇਟ
ਵੈਬਸਾਈਟ ਤੋਂ ਜ਼ਿਲ੍ਹੇ ਦੇ ਇਤਿਹਾਸਕ ਸਥਾਨਾਂ, ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਵੱਖ-ਵੱਖ ਗਤੀਵਿਧੀਆਂ, ਸਰਕਾਰੀ ਨੋਟੀਫਿਕੇਸ਼ਨਾਂ ਤੇ ਕੁਲੈਕਟਰ ਰੇਟਾਂ ਬਾਰੇ ਵੀ ਮਿਲੇਗੀ ਜਾਣਕਾਰੀ
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ:-
ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ. ਦੀਪਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਨਵੀਂ ਬਣੀ ਵੈਬਸਾਈਟ http://fatehgarhsahib.nic.in ਨੂੰ ਜਾਰੀ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਵੈਬਸਾਈਟ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ ਕਿਉਂਕਿ ਇਸ ਵੈਬਸਾਈਟ ਤੋਂ ਉਹ ਘਰ ਬੈਠੇ ਵੀ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਜਾਥਾਰੀ ਹਾਸਲ ਕਰ ਸਕਣਗੇ।
ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵੈਬਸਾਈਟ ‘ਤੇ ਆਮ ਲੋਕਾਂ ਦੀ ਸਹੂਲਤ ਲਈ ਮੁਕੰਮਲ ਜਾਣਕਾਰੀ ਪੰਜਾਬੀ ਵਿੱਚ ਵੀ ਪਾਈ ਗਈ ਹੈ । ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਨੂੰ ਵਿਖਾਈ ਨਹੀਂ ਦਿੰਦਾ ਉਹ ਬਰੇਲ ਯੰਤਰ ਲਗਾ ਕੇ ਇਸ ਵੈਬਸਾਈਟ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਵੈਬਸਾਈਟ ‘ਤੇ ਜ਼ਿਲ੍ਹੇ ਦੇ ਇਤਿਹਾਸ, ਸਰਕਾਰ ਦੇ ਵੱਖ-ਵੱਖ ਨੋਟੀਫਿਕੇਸ਼ਨ, ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਵੱਖ-ਵੱਖ ਗਤੀਵਿਧੀਆਂ, ਨਵੀਂ ਭਰਤੀ ਸਬੰਧੀ, ਟੈਂਡਰਾਂ ਸਬੰਧੀ, ਚੋਣਾਂ ਸਬੰਧੀ, ਆਰ.ਟੀ.ਆਈ. ਐਕਟ, ਆਨ ਲਾਈਨ ਸੇਵਾਵਾਂ, ਮਹਤੱਵਪੂਰਨ ਮੋਬਾਇਲ ਨੰਬਰ ਅਤੇ ਸਰਕਾਰ ਦੀਆਂ ਵੱਖ-ਵੱਖ ਵੈਬਸਾਈਟਾਂ ਦੇ ਲਿੰਕ, ਫੋਟੋ ਗੈਲਰੀ ਤੇ ਜਮੀਨ ਦੇ ਕੁਲੈਕਟਰ ਰੇਟਾਂ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਇਹ ਵੈਬਸਾਈਟ ਭਾਰਤ ਸਰਕਾਰ ਦੇ ਵੈਬ ਸਾਈਟਾਂ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀ ਗਈ ਹੈ।
ਜ਼ਿਲ੍ਹਾ ਸੂਚਨਾ ਵਿਗਿਆਨ ਅਫਸਰ ਸ਼੍ਰੀ ਐਸ.ਕੇ. ਬਾਂਗਾ ਨੇ ਦੱਸਿਆ ਕਿ ਇਸ ਵੈਬਸਾਈਟ ‘ਤੇ ਪੰਜਾਬੀ ਯੂਨੀਕੋਡ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵੈਬਸਾਈਟ ਨੂੰ ਲਗਾਤਾਰ ਅਪਡੇਟ ਕੀਤਾ ਜਾਂਦਾ ਰਹੇਗਾ ਤਾਂ ਜੋ ਲੋਕਾਂ ਨੂੰ ਸਮੇਂ ਦੀ ਹਾਣ ਦੀ ਸੂਚਨਾ ਉਪਲਬਧ ਹੋ ਸਕੇ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ, ਵਧੀਕ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ, ਐਸ.ਪੀ. (ਡੀ) ਸ. ਹਰਪਾਲ ਸਿੰਘ, ਏ.ਐਸ.ਪੀ. ਡਾ. ਰਵਜੋਤ ਗਰੇਵਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
ਨੰ: ਲਸਫਸ (ਪ੍ਰੈ:ਰੀ:)-18/1135