ਬੰਦ ਕਰੋ

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਨ ਦੀ ਲੋੜ: ਢਿੱਲੋਂ

ਪ੍ਰਕਾਸ਼ਨ ਦੀ ਮਿਤੀ : 27/11/2018
.

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਨ ਦੀ ਲੋੜ: ਢਿੱਲੋਂ
ਲਕਸ਼ੈ ਸਕੂਲ ਤਲਾਣੀਆਂ ਵੱਲੋਂ ਬੱਚਤ ਭਵਨ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕਪੈਸਿਟੀ ਬਿਲਡਿੰਗ ਵਿਸ਼ੇ ‘ਤੇ ਕਰਵਾਇਆ ਦੋ ਰੋਜ਼ਾ ਸੈਮੀਨਾਰ
ਫ਼ਤਹਿਗੜ ਸਾਹਿਬ, 27 ਨਵੰਬਰ:-
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਘੁਲ ਮਿਲ ਕੇ ਅਤੇ ਉਨਾਂ ਦੇ ਜਜ਼ਬਾਤਾਂ ਨੂੰ ਸਮਝਦੇ ਹੋਏ ਉਨਾਂ ਦੇ ਦੁੱਖ ਤਕਲੀਫਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਬੱਚੇ ਕਿਸੇ ਦੇ ਮੋਹਤਾਜ ਨਹੀਂ ਹੁੰਦੇ ਸਗੋਂ ਇਨਾਂ ਨੂੰ ਪਿਆਰ ਨਾਲ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੱਚਤ ਭਵਨ ਵਿਖੇ ਲਕਸ਼ੈ ਸਕੂਲ ਤਲਾਣੀਆਂ ਵੱਲੋਂ ਪ੍ਰਵਾਸੀ ਭਾਰਤੀ ਦਿਆਬੀਰ ਸਿੰਘ ਬਾਠ ਦੇ ਸਹਿਯੋਗ ਨਾਲ ” ਕਪੈਸਿਟੀ ਬਿਲਡਿੰਗ ” ਵਿਸ਼ੇ ‘ਤੇ ਕਰਵਾਏ ਗਏ ਦੋ ਰੋਜ਼ਾ ਸੈਮੀਨਾਰ ਦੇ ਅੰਤਿਮ ਦਿਨ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਵਿਸ਼ੇਸ਼ ਬੱਚਿਆਂ ਲਈ ਲੰਮੇਂ ਸਮੇਂ ਤੋਂ ਕੰਮ ਕਰ ਰਹੀ ਡਾ. ਸੁਮਿਤਰਾ ਪ੍ਰਸ਼ਾਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰਾਂ ਉਨਾਂ ਨੇ ਵਿਸ਼ੇਸ਼ ਬੱਚਿਆਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ਯੋਗ ਬਣਾਉਣ ਲਈ ਆਪਣੀ ਜਿੰਦਗੀ ਦਾ ਲੰਮਾ ਸਮਾਂ ਲਗਾਇਆ ਹੈ ਜਿਸ ਤੋਂ ਹੋਰਨਾ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।
ਸ. ਢਿੱਲੋਂ ਨੇ ਕਿਹਾ ਕਿ ਇਨਾਂ ਬੱਚਿਆਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਬਦਲੇ ਮਿਲਣ ਵਾਲੀਆਂ ਦੁਆਵਾਂ ਦੁਨੀਆਂ ਦੇ ਕਿਸੇ ਵੀ ਅਵਾਰਡ ਤੋਂ ਬਹੁਤ ਵੱਡੀਆਂ ਹੁੰਦੀਆਂ ਹਨ। ਉਨਾਂ ਕਿਹਾ ਕਿ ਇਨਾਂ ਬੱਚਿਆਂ ਦਾ ਜੇਕਰ ਸਹੀ ਮਾਰਗ ਦਰਸ਼ਨ ਕੀਤਾ ਜਾਵੇ ਤਾਂ ਇਹ ਜਿੰਦਗੀ ਦੇ ਹਰੇਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਸਕਦੇ ਹਨ। ਉਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਕਿ ਹਰੇਕ ਵਿਅਕਤੀ ਸਵਾਰਥੀ ਹੋ ਕੇ ਰਹਿ ਗਿਆ ਹੈ ਉਸ ਸਮੇਂ ਅੰਦਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਲਕਸ਼ੈ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨਾਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਇਨਾਂ ਬੱਚਿਆਂ ਦੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।
ਇਥੇ ਵਰਨਣਯੋਗ ਹੈ ਕਿ ਇਸ ਦੋ ਰੋਜ਼ਾ ਸੈਮੀਨਾਰ ਦੇ ਪਹਿਲੇ ਦਿਨ ਫ਼ਤਹਿਗੜ ਸਾਹਿਬ ਤੋਂ ਮੈਂਬਰ ਲੋਕ ਸਭਾ ਸ. ਹਰਿੰਦਰ ਸਿੰਘ ਖਾਲਸਾ ਨੇ ਭਾਗ ਲਿਆ ਅਤੇ ਵਿਸ਼ੇਸ਼ ਬੱਚਿਆਂ ਦੇ ਬਿਹਤਰ ਭਵਿੱਖ ਲਈ ਲਕਸ਼ੈ ਸਕੂਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਹੈਂਡੀਕੈਪਡ ਫੈਡਰੇਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ ਤੇ ਉਨਾਂ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਡਾ. ਸੁਮਿਤਰਾ ਪ੍ਰਸ਼ਾਦ ਨੇ ਵਿਸ਼ੇਸ਼ ਬੱਚਿਆਂ ਨੂੰ ਪੜਾਈ ਕਰਵਾਉਣ ਲਈ ਸਰਵ ਸਿੱਖਿਆ ਅਭਿਆਨ ਅਧੀਨ ਰੱਖੇ ਗਏ ਸਪੈਸ਼ਲ ਐਜੁਕੇਟਰਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਨਾਲ ਕਿਹੋ ਜਿਹਾ ਵਰਤਾਅ ਕਰਨਾ ਚਾਹੀਦਾ ਹੈ, ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਲਕਸ਼ੈ ਸਕੂਲ ਤਲਾਣੀਆਂ ਦੀ ਪ੍ਰਿੰਸੀਪਲ ਸ਼੍ਰੀਮਤੀ ਪ੍ਰੀਤੀ ਵਿਸ਼ਾਲ ਸ਼ਰਮਾ, ਅਮਨਦੀਪ ਸਿੰਘ ਬਰਾੜ, ਮਲਕੀਤ ਸਿੰਘ ਸਾਗੀ, ਹਰਭਜਨ ਸਿੰਘ ਜੱਲੋਵਾਲ, ਹਰਵਿੰਦਰ ਸਿੰਘ ਨੱਪੀ, ਰਾਜਵੰਤ ਸਿੰਘ ਮਾਨ, ਸੁਖਰਾਜ ਸਿੰਘ ਅਸਟਰੇਲੀਆ, ਹਰਮਨਪ੍ਰੀਤ ਸਿੰਘ ਸਮਾਜ ਸੇਵੀ, ਸਪੈਸ਼ਲ ਟੀਚਰ ਦਵਿੰਦਰ ਕੌਰ, ਰੁਪਿੰਦਰ ਕੌਰ, ਦੀਪਕ ਵਿਸ਼ਾਲ, ਮੁਕਤ ਵਿਸ਼ਾਲ, ਅਮਿਤ ਸ਼ਰਮਾ, ਅਵਤਾਰ ਸਿੰਘ, ਸਪਿੰਦਰ ਸਿੰਘ ਪਨੇਸ਼ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।
ਨੰ: ਲਸਫਸ (ਪ੍ਰੈ:ਰੀ:)-18/1248