ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਮਾਤਾ ਗੁਜ਼ਰੀ ਕਾਲਜ ਵਿਖੇ ਜਾਗਰੂਕਤਾ ਸਪਤਾਹ ਦੌਰਾਨ ਸੈਮੀਨਾਰ ਦਾ ਆਯੋਜਨ

ਦੇਸ਼ ਦੀ ਤਰੱਕੀ ਲਈ ਭ੍ਰਿਸ਼ਟਾਚਾਰ ਨੂੰ ਠੱਲ ਪਾਉਣਾ ਬਹੁਤ ਜ਼ਰੂਰੀ – ਢਿੱਲੋਂ
ਭ੍ਰਿਸ਼ਟਾਚਾਰ ਮੁਕਤ ਸਮਾਜ ਦੇ ਨਿਰਮਾਣ ਲਈ ਆਮ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ – ਘੁੰਮਣ
ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਮਾਤਾ ਗੁਜ਼ਰੀ ਕਾਲਜ ਵਿਖੇ ਜਾਗਰੂਕਤਾ ਸਪਤਾਹ ਦੌਰਾਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਫ਼ਤਹਿਗੜ੍ਹ ਸਾਹਿਬ, 30 ਅਕਤੂਬਰ :-
ਦੇਸ਼ ਦੀ ਤਰੱਕੀ ਲਈ ਭ੍ਰਿਸ਼ਟਾਚਾਰ ਨੂੰ ਠੱਲ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਭ੍ਰਿਸ਼ਟਾਚਾਰ ਕਿਸੇ ਵੀ ਮੁਲਕ ਦੀ ਤਰੱਕੀ ਵਿਚ ਬਹੁਤ ਵੱਡਾ ਰੋੜਾ ਬਣਦਾ ਹੈ। ਭਾਰਤ ਦੇਸ਼ ਕੋਲ ਸਭ ਤੋਂ ਵੱਧ ਕੁਦਰਤੀ ਸਰੋਤ ਹਨ ਜਿਨ੍ਹਾ ਦੀ ਸੁਚੱਜੀ ਵਰਤੋਂ ਕਰਕੇ ਅਸੀਂ ਦੇਸ਼ ਨੁੰ ਬੁਲੰਦੀਆਂ ਤੇ ਪਹੁੰਚਾ ਸਕਦੇ ਹਾਂ। ਰਿਸ਼ਵਤਖੋਰੀ ਨੂੰ ਖਤਮ ਕਰਨ ਵਾਸਤੇ ਸਮਾਜ ਦੇ ਹਰ ਵਰਗ ਦਾ ਜਾਗਰੂਕ ਹੋਣਾ ਜਰੂਰੀ ਹੈ ਕਿਉਂਕਿ ਅਗਿਆਨਤਾ ਕਾਰਨ ਹੀ ਰਿਸ਼ਵਤਖੋਰੀ ਨੂੰ ਬੜਾਵਾ ਮਿਲਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ: ਸਿਵਦੁਲਾਰ ਸਿੰਘ ਢਿੱਲੋਂ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮਨਾਏ ਜਾ ਰਹੇ ਜਾਗਰੂਕਤਾ ਸਪਤਾਹ ਅਧੀਨ ਮਾਤਾ ਗੁਜ਼ਰੀ ਕਾਲਜ ਵਿਖੇ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਨਾਗਰਿਕ ਤੋਂ ਸਰਕਾਰੀ ਕੰਮ ਕਰਵਾਉਣ ਲਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਸਬੰਧੀ ਤੁਰੰਤ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਅਜਿਹਾ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਕਿਸੇ ਵੀ ਵਿਅਕਤੀ ਨੂੰ ਆਮ ਲੋਕਾਂ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਦ ਵੀ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਅਤੇ ਕਾਨੂੰਨਾਂ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰਨ ਅਤੇ ਉਹ ਸਰਕਾਰੀ ਕੰਮ ਕਰਾਉਣ ਲਈ ਕਿਸੇ ਨੂੰ ਵੀ ਰਿਸ਼ਵਤ ਦੇਣ ਦੀ ਕੋਸ਼ਿਸ ਨਾ ਕਰਨ ਸਗੋਂ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਦਾ ਕੰਮ ਨਿਸਚਤ ਸਮੇਂ ਵਿਚ ਨਹੀ ਕਰਦਾ ਤਾਂ ਉਸ ਸਬੰਧੀ ਉਨਾਂ ਕੋਲ ਬਿਨਾਂ ਝਿਜਕ ਸ਼ਿਕਾਇਤ ਕੀਤੀ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਦੇਸ਼ ਦੀ ਤਰੱਕੀ ਵਿਚ ਅਪਣਾ ਬਣਦਾ ਵੱਡਮੁੱਲਾ ਯੋਗਦਾਨ ਪਾਉਣ।
ਵਿਜ਼ੀਲੈਂਸ ਵਿਭਾਗ ਦੇ ਐਸ.ਪੀ. ਸ੍ਰ: ਅਮਰਜੀਤ ਸਿੰਘ ਘੁੰਮਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਭਰ ਵਿਚ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਜਾਣ ਬੁੱਝ ਕੇ ਉਨ੍ਹਾਂ ਦੇ ਕੰਮ ਨੂੰ ਟਾਲਮਟੋਲ ਕਰਦਾ ਹੈ ਜਾਂ ਉਸ ਕੰਮ ਨੂੰ ਕਰਨ ਲਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਹੈਲਪਲਾਇਨ ਨੰਬਰ 1800-1800-1000 ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਇਲਾਵਾ ਵਿਜੀਲੈਂਸ ਵਿਭਾਗ ਦੀ ਵੈਬਸਾਇਟ vb@punjab.gov.in. ਤੇ ਵੀ ਸ਼ਿਕਾਇਤ ਕਰਤਾ ਵੱਲੋਂ ਆਨ ਲਾਇਨ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਉਹ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ।
ਇਸ ਸੈਮੀਨਾਰ ਨੂੰ ਮਾਤਾ ਗੁਜ਼ਰੀ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ: ਸਤਨਾਮ ਸਿੰਘ, ਐਸ.ਪੀ. ਹੈਡਕੁਆਟਰ ਸ੍ਰੀ ਰਵਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਅਟਾਰਨੀ ਸ੍ਰੀ ਦੀਪਇੰਦਰ ਜੈਨ, ਸਹਾਇਕ ਜ਼ਿਲ੍ਹਾ ਅਟਾਰਨੀ ਸ੍ਰ: ਹਰਦੀਪ ਸਿੰਘ ਕਾਹਲੋਂ, ਸ੍ਰੀ ਅਮਰਜੀਤ ਕੁਮਾਰ ਉਪਮੰਡਲ ਅਫਸਰ ਪੰਚਾਇਤੀ ਰਾਜ, ਸ੍ਰੀ ਏ.ਪੀ. ਸਿੰਘ ਏ.ਐਮ. ਈ ਨਗਰ ਕੌਂਸਲ ਗੋਬਿੰਦਗੜ੍ਹ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ।
ਨੰ: ਲਸਫਸ (ਪ੍ਰੈ:ਰੀ:)-18/1155