ਸ਼ਹੀਦੀ ਸਭਾ ਮੌਕੇ 3 ਟੋਆਇਲਟ ਬਲਾਕ ਸੰਗਤ ਨੂੰ ਕੀਤੇ ਸਮਰਪਿਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ
ਮੁੱਖ ਮੰਤਰੀ ਦੇ ਸਲਾਹਕਾਰ ਕੁਲਜੀਤ ਸਿੰਘ ਨਾਗਰਾ ਨੇ 01 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ 03 ਟੋਆਇਲਟ ਬਲਾਕ ਸੰਗਤ ਨੂੰ ਕੀਤੇ ਸਮਰਪਿਤ
ਟੋਆਇਲਟ ਬਲਾਕਾਂ ਵਿੱਚ ਦਿਵਿਆਂਗਾਂ ਲਈ ਕੀਤੇ ਗਏ ਨੇ ਵਿਸ਼ੇਸ਼ ਪ੍ਰਬੰਧ
ਪਖਾਨਿਆਂ ਦੇ ਨਾਲ-ਨਾਲ ਇਸ਼ਨਾਨ ਲਈ ਵੀ ਕੀਤੇ ਗਏ ਨੇ ਪ੍ਰਬੰਧ
ਫ਼ਤਹਿਗੜ੍ਹ ਸਾਹਿਬ, 23 ਦਸੰਬਰ:
ਸ਼ਹੀਦੀ ਸਭਾ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ, ਪਖਾਨਿਆਂ ਤੇ ਇਸ਼ਨਾਨ ਘਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਅਤੇ ਸਥਾਨਕ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਫ਼ਤਹਿਗੜ੍ਹ ਸਾਹਿਬ ਵਿਖੇ 01 ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ 03 ਟੋਆਇਲਟ ਬਲਾਕ ਸੰਗਤ ਨੂੰ ਸਮਰਪਿਤ ਕਰਦਿਆਂ ਕੀਤਾ। ਇਨ੍ਹਾਂ ਵਿੱਚੋਂ ਇਕ ਬਲਾਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਸਾਹਮਣੇ, ਇਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਨੇੜੇ ਅਤੇ ਇਕ ਰੋਜ਼ਾ ਸ਼ਰੀਫ ਨੇੜੇ ਤਿਆਰ ਕੀਤਾ ਗਿਆ ਹੈ।
ਸ. ਨਾਗਰਾ ਨੇ ਦੱਸਿਆ ਕਿ ਹਰੇਕ ਬਲਾਕ ਵਿੱਚ 14-14 ਟੋਆਇਲਟ ਸੈੱਟ ਲਾਏ ਗਏ ਹਨ, ਜਿਨ੍ਹਾਂ ਵਿੱਚ 07 ਪੁਰਸ਼ਾਂ ਤੇ 07 ਔਰਤਾਂ ਲਈ ਹਨ। ਇਨ੍ਹਾਂ ਬਲਾਕਾਂ ਵਿੱਚ ਇਸ਼ਨਾਨ ਕਰਨ ਦਾ ਪ੍ਰਬੰਧ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ 14 ਮੋਬਾਇਲ ਟੋਆਇਲਟ ਵੈਨਾਂ ਜਿਹੜੀਆਂ ਕਿ 7 ਔਰਤਾਂ ਤੇ 7 ਪੁਰਸ਼ਾਂ ਲਈ ਤਿਆਰ ਕੀਤੀਆਂ ਗਈਆਂ ਹਨ। ਹਰੇਕ ਮਹਿਲਾ ਟੋਆਇਲਟ ਵੈਨ ਵਿੱਚ 08 ਟਾਇਲਟ ਸੀਟਾਂ ਅਤੇ ਪੁਰਸ਼ਾਂ ਦੀ ਟੋਆਇਲਟ ਵੈਨ ਵਿੱਚ 10 ਸੀਟਾਂ ਹਨ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਾਫ ਸਫਾਈ ਦਾ ਖੁਦ ਵੀ ਖਿਆਲ ਰੱਖਣ ਅਤੇ ਸੜਕਾਂ ਆਦਿ ‘ਤੇ ਕਿਸੇ ਕਿਸਮ ਦਾ ਕੂੜਾ ਕਰਕਟ ਨਾ ਸੁੱਟਣ।
ਸ. ਨਾਗਰਾ ਨੇ ਦੱਸਿਆ ਕਿ ਮੌਜੂਦ ਸਰਕਾਰ ਨੇ ਸੰਗਤ ਦੀ ਸਹੂਲਤ ਲਈ ਬੇਹੱਦ ਢੁਕਵੇਂ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਆਉਂਦੀਆਂ ਸਾਰੀਆਂ ਸੜਕਾਂ ਨੂੰ ਚੌੜਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਮੁਰੰਮਤ ਵੀ ਕਰਵਾਈ ਗਈ ਹੈ। ਇਸ ਤੋਂ ਇਲਾਵਾ ਚਾਰ ਨੰਬਰ ਚੂੰਗੀ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੀ ਸੜਕ ਨੂੰ ਚਹੁੰ ਮਾਰਗੀ ਕੀਤਾ ਗਿਆ ਹੈ।
ਇਸ ਮੌਕੇ ਜਲ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਬਲਵੀਰ ਸਿੰਘ, ਗੁਰਪ੍ਰੀਤ ਸਿੰਘ ਲਾਲੀ, ਜਗਜੀਤ ਸਿੰਘ ਕੋਕੀ, ਅਮਰਦੀਪ ਸਿੰਘ ਬੈਨੀਪਾਲ ਸਾਰੇ ਕੌਂਸਲਰ, ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ, ਬਲਾਕ ਸਰਹਿੰਦ ਦੇ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਪਰਵਿੰਦਰ ਸਿੰਘ ਰਿੰਕੂ ਅਤੇ ਹੋਰ ਪਤਵੰਤੇ ਹਾਜ਼ਰ ਸਨ।