ਸਕੂਲਾਂ/ਕਾਲਜਾਂ ਦੇ ਬਾਹਰ 100 ਗਜ਼ ਦੇ ਘੇਰੇ ਨੂੰ ਤੰਬਾਕੂ ਮੁਕਤ ਜ਼ੋਨ ਬਣਾਉਣ ਲਈ ਯੈਲੋ ਲਾਈਨ ਮੁਹਿੰਮ ਦੀ ਕੀਤੀ ਸ਼ੁਰੂਆਤ- ਡਾ ਅਗਰਵਾਲ
ਸਕੂਲਾਂ/ਕਾਲਜਾਂ ਦੇ ਬਾਹਰ 100 ਗਜ਼ ਦੇ ਘੇਰੇ ਨੂੰ ਤੰਬਾਕੂ ਮੁਕਤ ਜ਼ੋਨ ਬਣਾਉਣ ਲਈ ਯੈਲੋ ਲਾਈਨ ਮੁਹਿੰਮ ਦੀ ਕੀਤੀ ਸ਼ੁਰੂਆਤ- ਡਾ ਅਗਰਵਾਲ
ਫਤਿਹਗੜ੍ਹ ਸਾਹਿਬ, 13 ਨਵੰਬਰ
ਸਿਹਤ ਵਿਭਾਗ ਵੱਲੋਂ ਸਕੂਲ ਅਤੇ ਕਾਲਜਾਂ ਦੇ ਆਲੇ ਦੁਆਲੇ ਦੇ 100 ਗਜ਼ ਦੇ ਘੇਰੇ ਨੂੰ ਤੰਬਾਕੂ ਮੁਕਤ ਜ਼ੋਨ ਐਲਾਨ ਕਰਨ ਤਹਿਤ ਯੈਲੋ ਲਾਈਨ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਸਕੂਲਾਂ ਤੇ ਕਾਲਜਾਂ ਦੇ ਬਾਹਰ ਤੰਬਾਕੂ ਮੁਕਤ ਜ਼ੋਨ ਦੁਆਲੇ ਪੀਲੀ ਪੱਟੀ ਲਗਾਈ ਜਾ ਰਹੀ ਹੈ ਜੋ ਕਿ ਤੰਬਾਕੂ ਮੁਕਤ ਏਰੀਆ ਹੋਵੇਗਾ।ਇਹ ਜਾਣਕਾਰੀ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਤੰਬਾਕੂ ਮੁਕਤ ਜ਼ੋਨ ਯੈਲੋ ਲਾਈਨ ਲਗਾਉਣ ਸਮੇਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਏਰੀਏ ਵਿੱਚ ਕੋਈ ਵੀ ਵਿਅਕਤੀ ਨਾਂ ਤਾਂ ਤੰਬਾਕੂ ਪਦਾਰਥ ਵੇਚ ਸਕੇਗਾ ਅਤੇ ਨਾ ਹੀ ਇਸਤੇਮਾਲ ਕਰ ਸਕੇਗਾ।ਸਿਹਤ ਵਿਭਾਗ ਵੱਲੋਂ ਅਜਿਹਾ ਤੰਬਾਕੂ ਕੰਟਰੋਲ ਐਕਟ (ਕੋਟਪਾ) 2003 ਦੀ ਧਾਰਾ 6 ਬੀ ਦੀ ਪਾਲਣਾ ਕਰਦੇ ਹੋਏ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਲਈ ਅਹਿਮ ਕਦਮ ਚੁੱਕਿਆ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਤੰਬਾਕੂ ਦੀ ਮਾੜੀ ਤੇ ਜਾਨਲੇਵਾ ਆਦਤ ਤੋਂ ਆਪਣੀ ਨਵੀਂ ਪੀੜੀ ਨੂੰ ਬਚਾਉਣਾ ਬਹੁਤ ਜਰੂਰੀ ਹੈ।ਇਸ ਲਈ ਤੰਬਾਕੂ ਕੰਟਰੋਲ ਐਕਟ ਦੀ ਪਾਲਣਾ ਕਰਦੇ ਹੋਏ ਜਿਲ੍ਹੇ ਦੇ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਤੰਬਾਕੂ ਵਿਰੋਧੀ ਸੰਹੁ ਚੁਕਾਈ ਜਾ ਰਹੀ ਹੈ ਅਤੇ ਤੰਬਾਕੂ ਦੇ ਮਨੁੱਖੀ ਸਿਹਤy ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 100 ਗਜ਼ ਦੇ ਘੇਰੇ ਅੰਦਰ ਕੋਈ ਵੀ ਵਿਅਕਤੀ ਤੰਬਾਕੂ ਦੀ ਵਿੱਕਰੀ ਨਹੀ ਕਰ ਸਕਦਾ ਇਹ ਕਾਨੂੰਨੀ ਤੌਰ ਤੇ ਸਜਾਯੋਗ ਅਪਰਾਧ ਹੈ। ਇਸ ਮੌਕੇ ਤੇ ਜਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ, ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ, ਸਕੂਲ ਅਧਿਆਪਕ ਗੁਰਦਰਸ਼ਨ ਸਿੰਘ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ, ਸੁਨੀਲ ਕੁਮਾਰ ਗੋਲਡੀ ਅਤੇ ਵੱਡੀ ਗਿਣਤੀ ਵਿਚ ਸਕੂਲ ਦੇ ਵਿਦਿਆਰਥੀ ਹਾਜਰ ਸਨ।