133 unemployed youth get employment on first day of job fair : DC
ਤਿੰਨ ਰੋਜ਼ਾ ਮੈਗਾ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 133 ਬੇਰੋਜ਼ਗਾਰਾਂ ਨੂੰ ਮਿਲਿਆ ਰੋਜ਼ਗਾਰ: ਢਿੱਲੋਂ
ਹੁਨਰਮੰਦ ਤੇ ਗੈਰ ਹੁਨਰਮੰਦ ਨੌਜਵਾਨਾਂ ਲਈ ਰੋਜ਼ਗਾਰ ਹਾਸਲ ਕਰਨ ਦਾ ਸੁਨਿਹਰੀ ਮੌਕਾ
ਦੇਸ਼ ਭਗਤ ਯੂਨੀਵਰਸਿਟੀ ਵਿਖੇ 16 ਨਵੰਬਰ ਤੱਕ ਰੋਜ਼ਗਾਰ ਹਾਸਲ ਕਰਨ ਲਈ ਦਿੱਤੀਆਂ ਜਾ ਸਕਦੀਆਂ ਹਨ ਅਰਜ਼ੀਆਂ
ਮੈਗਾ ਰੋਜ਼ਗਾਰ ਮੇਲੇ ਵਿੱਚ ਰੋਜ਼ਗਾਰ ਮੁਹੱਈਆ ਕਰਨ ਲਈ ਦੇਸ਼ ਭਰ ਦੀਆਂ ਨਾਮੀ ਕੰਪਨੀਆਂ ਪੁੱਜੀਆਂ
ਫ਼ਤਹਿਗੜ੍ਹ ਸਾਹਿਬ, 14 ਨਵੰਬਰ:-
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਪ੍ਰੋਗਰਾਮ ਅਧੀਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਲਗਾਏ ਗਏ ਮੈਗਾ ਰੋਜ਼ਗਾਰ ਮੇਲੇ ਦੌਰਾਨ ਪਹਿਲੇ ਦਿਨ 20 ਤੋਂ ਵੱਧ ਨਾਮੀ ਕੰਪਨੀਆਂ, ਦਿੱਲੀ, ਲੁਧਿਆਣਾ, ਚੰਡੀਗੜ੍ਹ, ਮੰਡੀ ਗੋਬਿੰਦਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਇਸ ਰੋਜ਼ਗਾਰ ਮੇਲੇ ਵਿੱਚ ਪਹੁੰਚੀਆਂ। ਇਸ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕੀਤੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਰੋਜ਼ਗਾਰ ਮੇਲੇ ਵਿੱਚ ਪਹੁੰਚੀਆਂ ਕੰਪਨੀਆਂ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਖੁਲ੍ਹਾ ਸੱਦਾ ਦਿੱਤਾ ਗਿਆ ਹੈ ਕਿ ਉਹ ਜਿਸ ਵੀ ਖੇਤਰ ਵਿੱਚ ਆਪਣੀ ਯੋਗਤਾ ਅਨੁਸਾਰ ਕੰਮ ਕਰਨਾ ਚਾਹੁਣ, ਉਸ ਲਈ ਉਹ ਇਸ ਰੋਜ਼ਗਾਰ ਮੇਲੇ ਵਿੱਚ ਪਹੁੰਚ ਕੇ ਰੋਜ਼ਗਾਰ ਹਾਸਲ ਕਰਨ ਲਈ ਮੌਕੇ ਦਾ ਫਾਇਦਾ ਉਠਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸੇ ਵੀ ਨੌਜਵਾਨ ਨੇ ਭਾਵੇਂ ਕਿ ਕਿਸੇ ਕਿੱਤੇ ਦੀ ਸਿਖਲਾਈ ਹਾਸਲ ਕੀਤੀ ਹੋਈ ਹੈ ਜਾਂ ਨਹੀਂ ਕੀਤੀ ਹੋਈ, ਉਸ ਨੂੰ ਵੀ ਕੰਪਨੀਆਂ ਵੱਲੋਂ ਸਿਖਲਾਈ ਮੁਹੱਈਆ ਕਰਵਾ ਕੇ ਰੋਜ਼ਗਾਰ ਹਾਸਲ ਕਰਨ ਦੇ ਸਮਰੱਥ ਬਣਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਚਾਹਵਾਨ ਬੇਰੋਜ਼ਗਾਰ ਯੁਵਕਾਂ ਨੂੰ ਅਪੀਲ ਕੀਤੀ ਕਿ ਇਸ ਤਿੰਨ ਰੋਜ਼ਾ ਮੈਗਾ ਰੋਜ਼ਗਾਰ ਮੇਲੇ ਵਿੱਚ 16 ਨਵੰਬਰ ਤੱਕ ਰੋਜ਼ਗਾਰ ਹਾਸਲ ਕਰਨ ਲਈ ਰੋਜ਼ਗਾਰ ਮੇਲੇ ਵਿੱਚ ਪਹੁੰਚ ਕੇ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਜਿਹੜੇ ਬੇਰੋਜ਼ਗਾਰ ਪਹਿਲਾਂ ਕਿਸੇ ਕਾਰਨ ਪੋਰਟਲ ‘ਤੇ ਰਜਿਸਟਰਡ ਨਹੀਂ ਕਰਵਾ ਸਕੇ ਉਹ ਰੋਜ਼ਗਾਰ ਮੇਲੇ ਵਿੱਚ ਪਹੁੰਚ ਕੇ ਵੀ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਮੁੱਖ ਕਾਰਜਕਾਰੀ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਇਸ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ ਜ਼ਿਲ੍ਹੇ ਦੇ 440 ਯੁਵਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ 285 ਅਸਾਮੀਆਂ ਲਈ ਅਪਲਾਈ ਕੀਤਾ, ਜਿਨ੍ਹਾਂ ਵਿੱਚੋਂ 133 ਨੌਜਵਾਨਾਂ ਨੂੰ ਵੱਖ-ਵੱਖ ਅਸਾਮੀਆਂ ਲਈ ਚੁਣਿਆਂ ਗਿਆ। ਉਨ੍ਹਾਂ ਕਿਹਾ ਕਿ ਇਸ ਮੈਗਾ ਰੋਜ਼ਗਾਰ ਮੇਲੇ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਹ ਵੱਡੀ ਗਿਣਤੀ ਵਿੱਚ ਇਸ ਰੋਜ਼ਗਾਰ ਮੇਲੇ ਦਾ ਲਾਭ ਉਠਾਉਣ ਲਈ ਦੇਸ਼ ਭਗਤ ਯੂਨੀਵਰਸਿਟੀ ਵਿਖੇ ਪੁੱਜ ਰਹੇ ਹਨ।
ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਅਤ ਅਤੇ ਹੁਨਰਮੰਦ ਯੁਵਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤਾ ਗਿਆ ਘਰ-ਘਰ ਰੋਜ਼ਗਾਰ ਪ੍ਰੋਗਰਾਮ ਸ਼ਲਾਘਾਯੋਗ ਉਪਰਾਲਾ ਹੈ, ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ, ਤਹਿਸੀਲਦਾਰ ਸ. ਨਵਦੀਪ ਸਿੰਘ, ਸ਼੍ਰੀ ਕ੍ਰਿਸ਼ਨ ਭੱਲਾ, ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਵਰਿੰੰਦਰ ਸਿੰਘ, ਪ੍ਰੋ. ਵਾਇਸ ਚਾਂਸਲਰ ਡਾ. ਤੇਜਿੰਦਰ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਨੰ: ਲਸਫਸ (ਪ੍ਰੈ:ਰੀ:)-18/1209