Adhere to H’ble supreme court guidelines to burst firecrackers : DC
ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਪਟਾਕੇ ਚਲਾਉਣ ਲਈ ਤੈਅ ਕੀਤੇ ਸਮੇਂ ਅਨੁਸਾਰ ਹੀ ਪਟਾਕੇ ਚਲਾਏ ਜਾਣ : ਢਿੱਲੋਂ
ਦੀਵਾਲੀ ‘ਤੇ ਰਾਤ 8:00 ਵਜੇ ਤੋਂ 10:00 ਵਜੇ ਤੱਕ, ਗੁਰਪੁਰਬ ‘ਤੇ ਸਵੇਰੇ 4:00 ਤੋਂ 5:00 ਤੇ ਰਾਤ ਨੂੰ 9:00 ਤੋਂ 10:00 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ
ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ‘ਤੇ ਰਾਤ 11:55 ਤੋਂ 12:30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਤੈਅ
ਮਾਣਯੋਗ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਸਮੇਂ ਤੋਂ ਇਲਾਵਾ ਹੋਰ ਕਿਸੇ ਵੀ ਸਮੇਂ ਪਟਾਕੇ ਚਲਾਉਣ ‘ਤੇ ਹੋਵੇਗੀ ਪੂਰਨ ਪਾਬੰਦੀ
ਡੀ.ਸੀ. ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਨੂੰ ਗਰੀਨ ਤੇ ਕਲੀਨ ਦੀਵਾਲੀ ਵਜੋਂ ਮਨਾਉਣ ਦੀ ਅਪੀਲ
ਫ਼ਤਹਿਗੜ੍ਹ ਸਾਹਿਬ, 5 ਨਵੰਬਰ:
ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ‘ਤੇ ਪਟਾਕੇ ਚਲਾਉਣ ਲਈ ਤੈਅ ਕੀਤੇ ਗਏ ਸਮੇਂ ਅਨੁਸਾਰ ਹੀ ਪਟਾਕੇ ਚਲਾਏ ਜਾਣ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਵੱਧਦਾ ਹੈ ਉਥੇ ਹੀ ਇਸ ਦਾ ਮਨੁੱਖੀ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਪਟਾਕੇ ਚਲਾਉਣ ਨਾਲ ਕਈ ਤਰ੍ਹਾਂ ਦੇ ਹਾਦਸੇ ਹੋਣ ਦਾ ਖਤਰਾ ਵੀ ਬਣਿਆਂ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ ਨੂੰ ਰਾਤ 8:00 ਵਜੇ ਤੋਂ ਰਾਤ 10 :00 ਵਜੇ ਤੱਕ, ਗੁਰਪੁਰਬ ਵਾਲੇ ਦਿਨ ਸਵੇਰੇ 4:00 ਤੋਂ 5:00 ਵਜੇ ਤੱਕ (ਸਿਰਫ ਇੱਕ ਘੰਟੇ ਲਈ) ਅਤੇ ਰਾਤ ਨੂੰ 9:00 ਵਜੇੋ ਤੋਂ ਰਾਤ 10:00 ਵਜੇ ਤੱਕ ਹੀ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਣਯੋਗ ਕੋਰਟ ਦੇ ਹੁਕਮਾਂ ਅਨੁਸਾਰ ਕ੍ਰਿਸਮਿਸ ਤੇ ਨਵੇਂ ਸਾਲ ਦੀ ਆਮਦ ਮੌਕੇ ਰਾਤ 11:55 ਵਜੇ ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ।
ਸ. ਢਿੱਲੋਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਨਿਯਮਾਂ ਅਨੁਸਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਸਮੇਂ ਤੋਂ ਇਲਾਵਾ ਹੋਰ ਕਿਸੇ ਵੀ ਸਮੇਂ ਪਟਾਕੇ ਚਲਾਉਣ ‘ਤੇ ਮੁਕੰਮਲ ਪਾਬੰਦੀ ਹੋਵੇਗੀ ਅਤੇ ਤੈਅ ਸਮੇਂ ‘ਤੇ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਗਰੀਨ ਤੇ ਕਲੀਨ ਦੀਵਾਲੀ ਵਜੋਂ ਮਨਾਇਆ ਜਾਵੇ ਤਾਂ ਜੋ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ।
ਨੰ: ਲਸਫਸ(ਪ੍ਰੈ:ਰੀ:)-18/1184