Close

Availability of Kits must for sewer men : DC

Publish Date : 05/11/2018
.

ਸੀਵਰਮੈਨਾਂ ਨੂੰ ਕਿੱਟਾਂ ਮੁਹੱਈਆ ਕਰਵਾਉਣੀਆਂ ਲਾਜ਼ਮੀ : ਢਿੱਲੋਂ
ਸੀਵਰਮੈਨਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਨੂੰ ਹੁਨਰ ਵਿਕਾਸ ਕੇਂਦਰਾਂ ਰਾਹੀਂ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿਵਾਉਣ ਦੇ ਦਿੱਤੇ ਆਦੇਸ਼
ਸੀਵਰਮੈਨਾਂ ਦੇ ਬੱਚਿਆਂ ਨੂੰ ਪੜਾਈ ਲਈ ਦਿੱਤੇ ਜਾਂਦੇ ਵਜੀਫੇ ਸਮੇਂ ਸਿਰ ਮੁਹੱਈਆ ਕਰਵਾਉਣ ਦੀ ਹਦਾਇਤ
ਸੀਵਰਮੈਨਾਂ ਦੀ ਸਿਹਤਯਾਬੀ ਲਈ ਸਮੇਂ-ਸਮੇਂ ‘ਤੇ ਉਨ੍ਹਾਂ ਦਾ ਮੈਡੀਕਲ ਚੈਕਅੱਪ ਕਰਵਾਉਣ ਲਈ ਕਿਹਾ
ਫਤਹਿਗੜ੍ਹ ਸਾਹਿਬ, 5 ਨਵੰਬਰ:-
ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਹੱਥੀਂ ਮੈਲਾ ਢੋਹਣ ਦੀ ਪ੍ਰਥਾ ਨੂੰ ਖਤਮ ਕਰਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਬਣਾਏ ਐਕਟ 2013 ਅਧੀਨ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ਼ ਸਾਧਕ ਅਫਸਰਾਂ ਨੂੰ ਆਦੇਸ਼ ਦਿੱਤੇ ਕਿ ਸਮੂਹ ਸ਼ਹਿਰਾਂ ਵਿੱਚ ਸੀਵਰੇਜ ਦੀ ਸਫਾਈ ਦਾ ਕੰਮ ਕਰਨ ਵਾਲੇ ਸੀਵਰਮੈਨਾਂ ਨੂੰ ਲੋੜੀਂਦੀਆਂ ਕਿੱਟਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਉਣ। ਸ. ਢਿੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਐਕਟ ਨੂੰ ਲਾਗੂ ਕਰਨ ਸਬੰਧੀ ਵੱਖ-ਵੱਖ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ, ਹੋਰ ਅਧਿਕਾਰੀਆਂ ਤੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਾਰਜ ਸਾਧਕ ਅਫਸਰਾਂ ਨੂੰ ਇਹ ਵੀ ਕਿਹਾ ਕਿ ਸਵੱਛ ਭਾਰਤ ਮਿਸ਼ਨ ਅਧੀਨ ਸ਼ਹਿਰਾਂ ਦੇ ਸਾਰੇ ਵਾਰਡਾਂ ਵਿੱਚ ਜਨਤਕ ਪਖਾਨੇ ਬਣਾਉਣ ਨੂੰ ਤਰਜ਼ੀਹ ਦਿੱਤੀ ਜਾਵੇ। ਉਨ੍ਹਾਂ ਕਾਰਜ ਸਾਧਕ ਅਫਸਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਸੀਵਰੇਜ ਦੀ ਸਫਾਈ ਵਿੱਚ ਲੱਗੇ ਸੀਵਰਮੈਨਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਨੂੰ ਹੁਨਰ ਵਿਕਾਸ ਕੇਂਦਰਾਂ ਤੋਂ ਵੱਖ-ਵੱਖ ਕਿੱਤਿਆਂ ਦੀ ਟਰੇਨਿੰਗ ਦਿਵਾਈ ਜਾਵੇ ਤਾਂ ਜੋ ਉਹ ਹੋਰ ਬਿਹਤਰ ਕਾਰੋਬਾਰ ਕਰਨ ਦੇ ਸਮਰੱਥ ਹੋ ਸਕਣ। ਇਸ ਤੋਂ ਇਲਾਵਾ ਐਕਟ ਮੁਤਾਬਕ ਉਨ੍ਹਾਂ ਦੇ ਬੱਚਿਆਂ ਨੂੰ ਪੜਾਈ ਲਈ ਦਿੱਤੇ ਜਾਂਦੇ ਵਜੀਫੇ ਵੀ ਮੁਹੱਈਆ ਕਰਵਾਉਣੇ ਯਕੀਨੀ ਬਣਾਏ ਜਾਣ।
ਸ. ਢਿੱਲੋਂ ਨੇ ਕਾਰਜ ਸਾਧਕ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਹਰ ਵਾਰਡ ਵਿੱਚ ਸੀਵਰਮੈਨਾਂ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੀ ਸਿਹਤਯਾਬੀ ਲਈ ਸਮੇਂ-ਸਮੇਂ ‘ਤੇ ਮੈਡੀਕਲ ਚੈਕਅੱਪ ਕਰਵਾਇਆ ਜਾਵੇ ਅਤੇ ਲੋੜ ਪੈਣ ‘ਤੇ ਲੋੜੀਂਦਾ ਇਲਾਜ ਵੀ ਕਰਵਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਹੜੇ ਕਰਮਚਾਰੀ ਤਰੱਕੀ ਦੇ ਯੋਗ ਹੋਣ ਉਨ੍ਹਾਂ ਨੂੰ ਅਗਲੇਰੀ ਪੋਸਟ ‘ਤੇ ਤਰੱਕੀ ਦਿੱਤੀ ਜਾਵੇ ਅਤੇ ਸਾਰੇ ਸੀਵਰਮੈਨਾਂ ਦਾ ਪ੍ਰਾਵੀਡੈਂਟ ਫੰਡ ਜਮ੍ਹਾਂ ਕਰਨਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਜ਼ਿਲ੍ਹਾ ਭਲਾਈ ਅਫਸਰ ਸ਼੍ਰੀ ਅਸ਼ੀਸ਼ ਕਥੂਰੀਆ, ਡੀ.ਡੀ.ਪੀ.ਓ. ਅਮਰੀਕ ਸਿੰਘ, ਸ. ਗੁਰਮੀਤ ਸਿੰਘ, ਕਾਰਜ ਸਾਧਕ ਅਫਸਰ ਬਸੀ ਪਠਾਣਾ ਸ਼੍ਰੀ ਸੁਧੀਰ ਸ਼ਰਮਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਬੀਰ ਸਿੰਘ, ਜ਼ਿਲ੍ਹਾ ਟਰੈਫਿਕ ਇੰਚਾਰਜ ਇੰਸਪੈਕਟਰ ਇੰਦਰਪ੍ਰੀਤ ਸਿੰਘ ਬਡੂੰਗਰ, ਐਸ.ਸੀ. ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਬੱਚੂ ਸਿੰਘ, ਨੈਸ਼ਨਲ ਰੇਲਵੇ ਤੋਂ ਸ਼੍ਰੀ ਸੰਦੀਪ ਖੁੱਲਰ, ਲੀਡ ਬੈਂਕ ਤੋਂ ਸ਼੍ਰੀ ਗੁਰਵਿੰਦਰ ਸਿੰਘ, ਕਮੇਟੀ ਮੈਂਬਰ ਸ਼੍ਰੀਮਤੀ ਰਣਜੀਤ ਕੌਰ ਤੇ ਸ਼੍ਰੀਮਤੀ ਪਰਮਜੀਤ ਕੌਰ ਤੋਂ ਇਲਾਵਾ ਵੱਖ-ਵੱਖ ਨਗਰ ਕੌਂਸਲਾਂ ਦੇ ਨੁਮਾਇੰਦੇ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਨੰ: ਲਸਫਸ (ਪ੍ਰੈ:ਰੀ:)-18/1183