Close

DC directed SDMs and Drainage Officials to Identify the flood prone locations

Publish Date : 03/12/2018
.

ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵੀ ਹੜਾਂ ਵਾਲੀਆਂ ਥਾਵਾਂ ਦੀ ਸ਼ਨਾਖਤ ਕਰਨ ਦੇ ਦਿੱਤੇ ਆਦੇਸ਼
ਬਰਸਾਤੀ ਪਾਣੀ ਨਾਲ ਵਧੇਰੇ ਪ੍ਰਭਾਵਤ ਹੋਣ ਵਾਲੇ ਪਿੰਡਾਂ ਤੇ ਸ਼ਹਿਰਾਂ ਦੀ ਮੰਗੀ ਰਿਪੋਰਟ
ਐਸ.ਡੀ.ਐਮਜ਼ ਨੂੰ ਬਰਸਾਤੀ ਨਾਲਿਆਂ, ਰਜਵਾਹਿਆਂ ਤੇ ਡਰੇਨਾਂ ਦਾ ਜਾਇਜ਼ਾ ਲੈਣ ਦੇ ਆਦੇਸ਼
ਡੀ.ਸੀ. ਨੇ ਸੰਭਾਵੀ ਹੜਾਂ ਨਾਲ ਨਜਿੱਠਣ ਲਈ ਸਮੇਂ ਸਿਰ ਅਗੇਤੇ ਪ੍ਰਬੰਧ ਕਰਨ ਵਾਸਤੇ ਕੀਤੀ ਮੀਟਿੰਗ
ਫ਼ਤਹਿਗੜ ਸਾਹਿਬ, 3 ਦਸੰਬਰ:-
ਬਰਸਾਤੀ ਮੌਸਮ ਦੌਰਾਨ ਜਿਹੜੇ ਸਥਾਨਾਂ ‘ਤੇ ਪਾਣੀ ਇਕੱਠਾ ਹੋਣ ਨਾਲ ਹੜਾਂ ਦੀ ਸਥਿਤੀ ਪੈਦਾ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ, ਉਨਾਂ ਥਾਵਾਂ ਦੀ ਪਹਿਲਾਂ ਹੀ ਸ਼ਨਾਖਤ ਕਰਕੇ 5 ਦਸੰਬਰ ਤੱਕ ਰਿਪੋਰਟ ਭੇਜੀ ਜਾਵੇ ਤਾਂ ਜੋ ਸਮੇਂ ਸਿਰ ਲੋੜੀਂਦੇ ਫੰਡਜ਼ ਪ੍ਰਾਪਤ ਕਰਕੇ ਅਗੇਤੇ ਪ੍ਰਬੰਧ ਕੀਤੇ ਜਾ ਸਕਣ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਦਿੱਤੇ। ਉਨਾਂ ਸਮੂਹ ਐਸ.ਡੀ.ਐਮਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਸਬ ਡਵੀਜ਼ਨ ਵਿੱਚ ਪੈਂਦੇ ਸਮੂਹ ਬਰਸਾਤੀ ਨਾਲਿਆਂ, ਰਜਵਾਹਿਆਂ ਅਤੇ ਡਰੇਨਾਂ ਦੇ ਹੋਣ ਵਾਲੇ ਕੰਮਾਂ ਦੀ ਸ਼ਨਾਖਤ ਕਰਨ ਅਤੇ ਲੋੜ ਅਨੁਸਾਰ ਜਿਹੜਾ ਕੰਮ ਕਰਵਾਉਣਾ ਹੈ ਉਸ ਬਾਰੇ ਮੁਕੰਮਲ ਰਿਪੋਰਟ ਤਿਆਰ ਕਰਕੇ ਉਨਾਂ ਨੂੰ ਭੇਜੀ ਜਾਵੇ।
ਸ. ਢਿੱਲੋਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਿਛਲੇ ਸਮਿਆਂ ਅੰਦਰ ਜਿਹੜੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਬਰਸਾਤੀ ਪਾਣੀ ਕਾਰਨ ਹੜ ਵਰਗੀ ਸਥਿਤੀ ਬਣੀ ਹੈ ਉਨਾਂ ਥਾਵਾਂ ਦਾ ਦੌਰਾ ਕਰਕੇ ਪਾਣੀ ਇਕੱਠਾ ਹੋਣ ਦੇ ਕਾਰਨ ਪਤਾ ਲਗਾਏ ਜਾਣ ਤਾਂ ਜੋ ਬਰਸਾਤ ਤੋਂ ਪਹਿਲਾਂ ਇਸ ਦਾ ਢੁਕਵਾਂ ਹੱਲ ਕੀਤਾ ਜਾ ਸਕੇ। ਉਨਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੀਆਂ ਸੜਕਾਂ ‘ਤੇ ਪੁਲੀਆਂ ਬਣਨ ਵਾਲੀਆਂ ਹਨ ਜਾਂ ਪੁਲੀਆਂ ਵਿੱਚ ਵਾਧਾ ਕਰਨਾ ਹੈ, ਉਨਾਂ ਥਾਵਾਂ ਦੀ ਸ਼ਨਾਖਤ ਕਰਕੇ ਰਿਪੋਰਟ ਭੇਜੀ ਜਾਵੇ ਤਾਂ ਜੋ ਜ਼ਿਲੇ ਅੰਦਰ ਬਰਸਾਤੀ ਮੌਸਮ ਦੌਰਾਨ ਹੋਣ ਵਾਲੇ ਕਿਸੇ ਵੀ ਤਰਾਂ ਦੀ ਸੰਭਾਵੀ ਨੁਕਸਾਨ ਤੋਂ ਬਚਿਆ ਜਾ ਸਕੇ।
ਮੀਟਿੰਗ ਵਿੱਚ ਐਸ.ਡੀ.ਐਮ. ਫ਼ਤਹਿਗੜ ਸਾਹਿਬ ਸ਼੍ਰੀ ਅਮਿਤ ਬੈਂਬੀ, ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ, ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਜਗਦੀਸ਼ ਸਿੰਘ ਜੋਹਲ, ਐਸ.ਡੀ.ਐਮ. ਖਮਾਣੋਂ ਸ਼੍ਰੀ ਪਰਮਜੀਤ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਚਰਨਜੀਤ ਸਿੰਘ, ਡਰੇਨਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਰਮਨਦੀਪ ਬੈਂਸ, ਐਸ.ਡੀ.ਓ. ਲੋਕ ਨਿਰਮਾਣ ਵਿਭਾਗ ਸ੍ਰੀ ਮਨਦੀਪ ਸਿੰਘ, ਅਤੇ ਏ.ਈ. ਸੁਰਜਣ ਸਿੰਘ ਤੋਂ ਇਲਾਵਾ ਹੋਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਨੰ: ਲਸਫਸ (ਪ੍ਰੈ:ਰੀ:)-18/1258