Encroachments removed from Gurudwara Sri Fatehgarh Sahib Road on the directions of DC
ਡੀ.ਸੀ. ਦੇ ਆਦੇਸ਼ਾਂ ‘ਤੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਦੀਆਂ ਬਰਮ੍ਹਾਂ ਤੋਂ ਹਟਵਾਏ ਨਜ਼ਾਇਜ ਕਬਜੇ
ਐਸ.ਡੀ.ਐਮ. ਅਮਿਤ ਬੈਂਬੀ ਦੀ ਅਗਵਾਈ ਹੇਠ ਟੀਮ ਨੇ ਹਟਵਾਏ ਨਜਾਇਜ਼ ਕਬਜ਼ੇ
ਸਰਕਾਰੀ ਇਮਾਰਤਾਂ ‘ਤੇ ਬੈਨਰ, ਪੋਸਟਰ ਜਾਂ ਹੋਰਡਿੰਗ ਲਗਾਉਣ ਵਾਲੀਆਂ ਪ੍ਰਾਈਵੇਟ ਸੰਸਥਾਵਾਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ
ਨਜਾਇਜ਼ ਕਬਜੇ ਕਿਸੇ ਵੀ ਕੀਮਤ ‘ਤੇ ਨਹੀਂ ਕੀਤੇ ਜਾਣਗੇ ਬਰਦਾਸ਼ਤ
ਫ਼ਤਹਿਗੜ੍ਹ ਸਾਹਿਬ, 20 ਨਵੰਬਰ:-
ਸ਼ਹੀਦੀ ਸਭਾ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਪੁੱਜਣ ਵਾਲੀ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਤਹਿਤ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਅਮਿਤ ਬੈਂਬੀ ਨੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਿਵਲ ਹਸਪਤਾਲ ਰੋਡ ਤੋਂ ਨਜਾਇਜ਼ ਤੌਰ ‘ਤੇ ਖੜੀਆਂ ਰੇਹੜੀਆਂ, ਫੜੀਆਂ ਤੇ ਆਰਜ਼ੀ ਦੁਕਾਨਾਂ ਨੂੰ ਹਟਵਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਬੈਂਬੀ ਨੇ ਕਿਹਾ ਕਿ ਸਰਕਾਰੀ ਇਮਾਰਤਾਂ ਅਤੇ ਸਰਕਾਰੀ ਸਥਾਨਾਂ ‘ਤੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਲਗਾਏ ਗਏ ਬੈਨਰ, ਪੋਸਟਰ ਜਾਂ ਹੋਰਡਿੰਗ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਸਰਕਾਰੀ ਇਮਾਰਤਾਂ ਦੀ ਦਿੱਖ ਖਰਾਬ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ ‘ਤੇ ਸ਼ੁਰੂ ਕੀਤੀ ਗਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਸਰਕਾਰੀ ਸਥਾਨ ਜਾਂ ਇਮਾਰਤ ‘ਤੇ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਸ਼੍ਰੀ ਗੁਰਜਿੰਦਰ ਸਿੰਘ ਅਤੇ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀ ਟੀਮ ਵੀ ਮੌਜੂਦ ਸੀ।
ਨੰ: ਲਸਫਸ (ਪ੍ਰੈ:ਰੀ:)-18/1232