Close

Innovative farmer Jagdev Singh of village Tooran increased his production manifolds

Publish Date : 28/11/2018
.

ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਤੁਰਾਂ ਦੇ ਅਗਾਂਹਵਧੂ ਕਿਸਾਨ ਜਗਦੇਵ ਸਿੰਘ ਨੇ ਬੈਡ ‘ਤੇ ਤਿੰਨ ਲਾਈਨਾਂ ‘ਚ ਆਲੂਆਂ ਦੀ ਬਿਜਾਈ ਕਰਕੇ ਕਾਇਮ ਕੀਤੀ ਮਿਸਾਲ
ਸਫਲ ਕਿਸਾਨ ਜਗਦੇਵ ਸਿੰਘ ਨੇ 80 ਏਕੜ ਜ਼ਮੀਨ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਨਹੀਂ ਲਗਾਈ ਅੱਗ
ਨਵੀਂਆਂ ਤਕਨੀਕਾਂ ਅਪਣਾ ਕੇ ਇੱਕ ਸਾਲ ‘ਚ ਲੈਂਦਾ ਹੈ ਆਲੂ, ਮੱਕੀ ਤੇ ਬਾਸਮਤੀ ਦੀਆਂ ਤਿੰਨ ਫਸਲਾਂ
ਪਰਾਲੀ ਦੀ ਸੁਚੱਜੀ ਸੰਭਾਲ ਲਈ ਸਫਲ ਕਿਸਾਨ ਜਗਦੇਵ ਸਿੰਘ ਨੇ ਖੇਤੀਬਾੜੀ ਵਿਭਾਗ ਤੋਂ ਸਬਸਿਡੀ ‘ਤੇ ਹਾਸਲ ਕੀਤੀ ਹੈ ਖੇਤੀ ਮਸ਼ੀਨਰੀ
ਫ਼ਤਹਿਗੜ੍ਹ ਸਾਹਿਬ, 28 ਨਵੰਬਰ:-
ਅੱਜ ਜਦੋਂ ਕਿ ਕਿਸਾਨ ਰਵਾਇਤੀ ਫਸਲ ਕਾਰਨ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ ਉਥੇ ਹੀ ਅਮਲੋਹ ਬਲਾਕ ਦੇ ਪਿੰਡ ਤੁਰਾਂ ਦੇ ਅਗਾਂਹਵਧੂ ਕਿਸਾਨ ਜਗਦੇਵ ਸਿੰਘ ਨੇ ਨਵੀਂ ਤਕਨੀਕ ਨਾਲ ਬੈੱਡ ‘ਤੇ ਤਿੰਨ ਲਾਈਨਾਂ ਵਿੱਚ ਆਲੂਆਂ ਦੀ ਬਿਜਾਈ ਕਰਕੇ ਮਿਸਾਲ ਪੈਦਾ ਕੀਤੀ ਹੈ। ਇਸ ਸਫਲ ਕਿਸਾਨ ਜਗਦੇਵ ਸਿੰਘ ਨੇ ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਵਿੱਚ ਹੀ ਵਾਹੁਣ ਨੂੰ ਤਰਜ਼ੀਹ ਦਿੱਤੀ ਹੈ ਜਿਸ ਨਾਲ ਜਿਥੇ ਉਸ ਦਾ ਖਾਦਾਂ ‘ਤੇ ਹੋਣ ਵਾਲਾ ਖਰਚਾ ਘਟਿਆ ਹੈ ਉਥੇ ਹੀ ਫਸਲ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਇਆ ਹੈ।
ਸਫਲ ਕਿਸਾਨ ਜਗਦੇਵ ਸਿੰਘ ਦੇ ਦੱਸਣ ਅਨੁਸਾਰ ਉਹ 1980 ਤੋਂ ਆਲੂਆਂ ਦੀ ਖੇਤੀ ਕਰਦਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਕੋਲ ਆਪਣੀ 20 ਏਕੜ ਜ਼ਮੀਨ ਹੈ ਤੇ 60 ਏਕੜ ਜ਼ਮੀਨ ਉਸ ਨੇ ਠੇਕੇ ‘ਤੇ ਲਈ ਹੋਈ ਹੈ, ਜਿਸ ਤੋਂ ਉਹ ਸਾਲ ਇੱਕ ਸਾਲ ਵਿੱਚ ਤਿੰਨ ਫਸਲਾਂ ਦੀ ਪੈਦਾਵਾਰ ਲੈਂਦਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਹ ਆਲੂਆਂ ਤੋਂ ਬਾਅਦ ਸੂਰਜਮੁਖੀ ਦੀ ਖੇਤੀ ਕਰਦਾ ਸੀ ਪਰ ਪਿਛਲੇ ਕਈ ਸਾਲ ਤੋਂ ਸੂਰਜਮੁਖੀ ਦੇ ਭਾਅ ਘਟਣ ਕਾਰਨ ਹੁਣ ਉਸ ਨੇ ਸੂਰਜਮੁਖੀ ਦੀ ਥਾਂ ਮੱਕੀ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ।
ਅਗਾਂਹਵਧੂ ਕਿਸਾਨ ਜਗਦੇਵ ਸਿੰਘ ਨੇ ਦੱਸਿਆ ਕਿ ਆਲੂਆਂ ਤੋਂ ਪ੍ਰਤੀ ਏਕੜ 50 ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ, ਮੱਕੀ ਤੋਂ 40 ਤੋਂ 45 ਹਜ਼ਾਰ ਰੁਪਏ ਅਤੇ ਝੋਨੇ ਦੀ ਪੀ.ਆਰ. 126 ਕਿਸਮ ਤੋਂ ਉਸ ਨੂੰ ਪ੍ਰਤੀ ਏਕੜ 51 ਹਜ਼ਾਰ ਦੀ ਆਮਦਨ ਹੋਈ ਹੈ। ਉਸ ਨੇ ਦੱਸਿਆ ਕਿ ਇੱਕ ਫਸਲ ਉਸ ਦੀ ਜ਼ਮੀਨ ਦਾ ਠੇਕਾ ਕੱਢ ਦਿੰਦੀ ਹੈ, ਇੱਕ ਫਸਲ ਸਾਰਾ ਖਰਚਾ ਪੂਰਾ ਕਰ ਦਿੰਦੀ ਹੈ ਜਦੋਂ ਕਿ ਤੀਜੀ ਫਸਲ ਨਾਲ ਉਸ ਨੂੰ 40 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਵਿੱਚੋਂ ਬੱਚ ਜਾਂਦੇ ਹਨ। ਸਫਲ ਕਿਸਾਨ ਜਗਦੇਵ ਸਿੰਘ ਕੋਲ ਮਲਚਰ, ਰੋਟਾਵੇਟਰ, ਪਲਾਓ, ਹੈਰੋ, ਬੈੱਡ ਬਣਾਉਣ ਵਾਲੀ ਮਸ਼ੀਨ ਹੈ ਜਿਨ੍ਹਾਂ ਵਿੱਚੋਂ ਉਸ ਨੇ ਕਈ ਮਸ਼ੀਨਾ ‘ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੋਂ ਸਬਸਿਡੀ ਵੀ ਹਾਸਲ ਕੀਤੀ ਹੈ। ਇਸ ਸਫਲ ਕਿਸਾਨ ਦਾ ਕਹਿਣਾ ਹੈ ਕਿ ਅੱਜ ਦੀ ਖੇਤੀ ਪੁਰਾਣੇ ਸਮੇਂ ਦੀ ਖੇਤੀ ਵਾਂਗ ਨਹੀਂ ਰਹੀ ਸਗੋਂ ਖੇਤੀ ਮਾਹਰਾਂ ਦੀ ਸਲਾਹ ਨਾਲ ਨਵੀਂਆਂ ਤਕਨੀਕਾਂ ਅਪਣਾ ਕੇ ਖੇਤੀ ਕਰਕੇ ਖਰਚੇ ਘਟਾਏ ਜਾ ਸਕਦੇ ਹਨ ਅਤੇ ਆਮਦਨ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ।
ਖੇਤੀਬਾੜੀ ਵਿਕਾਸ ਅਫਸਰ ਡਾ. ਸਤੀਸ਼ ਕੁਮਾਰ ਨੇ ਅਗਾਂਹਵਧੂ ਕਿਸਾਨ ਜਗਦੇਵ ਸਿੰਘ ਦੇ ਫਾਰਮ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜਗਦੇਵ ਸਿੰਘ ਜ਼ਿਲ੍ਹੇ ਦਾ ਪਹਿਲਾ ਕਿਸਾਨ ਹੈ ਜਿਸ ਨੇ ਬੈਡ ‘ਤੇ ਤਿੰਨ ਲਾਈਨਾਂ ‘ਚ ਆਲੂਆਂ ਦੀ ਬਿਜਾਈ ਕਰਨ ਦਾ ਸਫਲ ਤਜ਼ਰਬਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਭਾਵੇਂ ਬੀਜ ਵੱਧ ਪਿਆ ਹੈ ਪਰ ਪੈਦਾਵਾਰ ਆਮ ਦੇ ਮੁਕਾਬਲੇ ਜਿਆਦਾ ਹੋਵੇਗੀ। ਉਨ੍ਹਾਂ ਆਲੂ ਉਤਪਾਦਕਾਂ ਨੂੰ ਸਲਾਹ ਦਿੱਤੀ ਕਿ ਉਹ ਜਗਦੇਵ ਸਿੰਘ ਦੇ ਫਾਰਮ ਦਾ ਦੌਰਾ ਕਰਕੇ ਆਲੂ ਦੀ ਬਿਜਾਈ ਦੀ ਇਸ ਨਵੀਂ ਤਕਨੀਕ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਆਲੂਆਂ ਦੀ ਫਸਲ ਤੋਂ ਵਧੇਰੇ ਮੁਨਾਫਾ ਲੈਣ।