Close

People should take benefit of Pradhan Mantri Kisan Sampada Yojana : DC

Publish Date : 27/11/2018

ਫੂਡ ਪ੍ਰੋਸੈਸਿੰਗ ਨੂੰ ਬੜਾਵਾ ਦੇਣ ਲਈ ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ: ਢਿੱਲੋਂ
ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਅਨੁਸਾਰ ਫੂਡ ਪ੍ਰੋਸੈਸਿੰਗ ਦਾ ਯੂਨਿਟ ਲਗਾਉਣ ਵਾਲਿਆਂ ਨੂੰ ਪਹਿਲੇ 10 ਸਾਲ ਸਾਰੇ ਟੈਕਸਾਂ ਤੇ ਫੀਸਾਂ ਤੋਂ ਮਿਲੇਗੀ ਛੂਟ
ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਦੇ ਚਾਹਵਾਨ ਉਦਯੋਗਪਤੀ 30 ਨਵੰਬਰ ਤੱਕ ਦੇਣ ਆਪਣੇ ਬਿਨੈ ਪੱਤਰ
ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ‘ਤੇ ਸਰਕਾਰ ਵੱਲੋਂ ਦਿੱਤਾ ਜਾਵੇਗਾ 35 ਫੀਸਦੀ ਦਾ ਹਿੱਸਾ
ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਨਾਲ ਕਿਸਾਨਾਂ ਦੀ ਆਰਥਿਕਤਾ ਵਿੱਚ ਹੋਵੇਗਾ ਵਾਧਾ
ਫ਼ਤਹਿਗੜ੍ਹ ਸਾਹਿਬ, 27 ਨਵੰਬਰ:-
ਕੇਂਦਰ ਸਰਕਾਰ ਵੱਲੋਂ ‘ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ‘ ਅਧੀਨ ਫੂਡ ਪ੍ਰੋਸੈਸਿੰਗ ਦੇ ਯੂਨਿਟ ਲਗਾਉਣ ਲਈ 35 ਫੀਸਦੀ ਦਾ ਹਿੱਸਾ ਪਾਇਆ ਜਾਵੇਗਾ ਤਾਂ ਜੋ ਫੂਡ ਪ੍ਰੋਸੈਸਿੰਗ ਦੇ ਧੰਦੇ ਨੂੰ ਬੜਾਵਾ ਦਿੱਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਉਦਯੋਗ ਨੀਤੀ ਅਨੁਸਾਰ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਵਾਲਿਆਂ ਨੂੰ ਪਹਿਲੇ 10 ਸਾਲ ਸਾਰੇ ਟੈਕਸਾਂ, ਫੀਸਾਂ ਜਿਵੇਂ ਕਿ ਮਾਰਕੀਟ ਫੀਸ, ਪੇਂਡੂ ਵਿਕਾਸ ਫੀਸ ਅਤੇ ਸਰਕਾਰ ਵੱਲੋਂ ਲਏ ਜਾਣ ਵਾਲੇ ਹੋਰ ਟੈਕਸਾਂ ਅਤੇ ਫੀਸਾਂ ਵਿੱਚ 100 ਫੀਸਦੀ ਛੂਟ ਦਿੱਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਕਿਹਾ ਕਿ ਜੇਕਰ ਉਹ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣਾ ਚਾਹੁੰਦੇ ਹਨ ਤਾਂ 30 ਨਵੰਬਰ ਤੱਕ ਆਪਣੇ ਬਿਨੈ ਪੱਤਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜਾਂ ਸਿੱਧੇ ਤੌਰ ‘ਤੇ ਪੰਜਾਬ ਐਗਰੋ ਇੰਡਸਟਰੀ ਨੂੰ ਭੇਜ ਸਕਦੇ ਹਨ।
ਸ. ਢਿੱਲੋਂ ਨੇ ਦੱਸਿਆ ਕਿ ਇਹ ਯੋਜਨਾ ‘ ਪਹਿਲਾਂ ਆਓ ਪਹਿਲਾਂ ਪਾਓ ‘ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਹੈ ਇਸ ਲਈ ਜ਼ਿਲ੍ਹੇ ਦੇ ਉਦਯੋਗਪਤੀ ਇਸ ਯੋਜਨਾ ਦਾ ਲਾਭ ਲੈਣ ਲਈ ਛੇਤੀ ਤੋਂ ਛੇਤੀ ਆਪਣੇ ਬਿਨੈ ਪੱਤਰ ਦੇਣ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਇੱਕ ਅਜਿਹਾ ਧੰਦਾ ਹੈ ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾ ਸਕਦਾ ਹੈ। ਕਿਉਂਕਿ ਫੂਡ ਪ੍ਰੋਸੈਸਿੰਗ ਯੂਨਿਟ ਲੱਗਣ ਨਾਲ ਸਬੰਧਤ ਉਦਯੋਗਾਂ ਵੱਲੋਂ ਕਿਸਾਨਾਂ ਤੋਂ ਕੰਟਰੈਕਟ ਫਾਰਮਿੰਗ ‘ਤੇ ਵੱਖ-ਵੱਖ ਫਸਲਾਂ ਤੇ ਸਬਜ਼ੀਆਂ ਦੀ ਖੇਤੀ ਕਰਵਾਈ ਜਾਵੇਗੀ ਜਿਸ ਦੀ ਖਰੀਦ ਸਬੰਧਤ ਉਦਯੋਗਾਂ ਵੱਲੋਂ ਕੀਤੀ ਜਾਵੇਗੀ। ਜਿਸ ਨਾਲ ਕਿਸਾਨਾਂ ਨੂੰ ਆਪਣੀ ਫਸਲ ਦੇ ਚੰਗੇ ਭਾਅ ਮਿਲ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਅਨੁਸਾਰ ਮੰਡੀ ਗੋਬਿੰਦਗੜ੍ਹ ਵਿੱਚ ਹੋਰ ਕਈ ਨਵੇਂ ਉਦਯੋਗ ਲਗਾਏ ਜਾ ਰਹੇ ਹਨ ਜਿਸ ਨਾਲ ਇਸ ਉਦਯੋਗਿਕ ਨਗਰੀ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਨਾਲ ਜਿਥੇ ਸਬੰਧਤ ਉਦਯੋਗ ਮਾਲਕ ਨੂੰ ਲਾਭ ਮਿਲੇਗਾ ਉਥੇ ਹੀ ਇਸ ਨਾਲ ਕਿਸਾਨਾਂ ਦੀ ਆਰਥਿਕਤਾ ਵੀ ਮਜਬੂਤ ਹੋਵੇਗੀ ਅਤੇ ਉਹ ਬਜਾਰ ਦੀ ਮੰਗ ਅਨੁਸਾਰ ਫਸਲਾਂ ਦੀ ਕਾਸ਼ਤ ਕਰ ਸਕਣਗੇ।
ਇਸ ਮੌਕੇ ਕਾਰਜਕਾਰੀ ਵਧੀਕ ਡਿਪਟੀ ਕਮਿਸ਼ਨਰ-ਕਮ-ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਅਮਿਤ ਬੈਂਬੀ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਅਨਿਲ ਕੁਮਾਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਆਤਮਾ ਪ੍ਰੋਜੈਕਟ ਡਾਇਰੈਕਟਰ ਡਾ. ਹਰਮਨਜੀਤ ਸਿੰਘ, ਡਾ. ਜਤਿੰਦਰ ਸਿੰਘ, ਜ਼ਿਲ੍ਹਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜਰ ਸ਼੍ਰੀ ਵਿਸ਼ਾਲ ਦੇਵਗਨ, ਸ਼੍ਰੀ ਤਰੁਣ ਕੁਮਾਰ, ਟਿਵਾਣਾ ਆਇਲ ਮਿਲ ਪ੍ਰਾਈਵੇਟ ਲਿਮ: ਦੇ ਸਤਨਾਮ ਸਿੰਘ, ਸਹਾਇਕ ਪ੍ਰੋਜੈਕਟ ਅਫਸਰ ਵਿਜੇ ਧੀਰ, ਸਹਾਇਕ ਫੂਡ ਸਪਲਾਈ ਅਫਸਰ ਕੁਲਵਿੰਦਰ ਕੌਰ, ਸੈਲਫ ਹੈਲਪ ਗਰੁੱਪ ਦੀ ਮੈਂਬਰ ਬੇਅੰਤ ਸ਼ਰਮਾ, ਵਿਸਕਾ ਪ੍ਰੋਸੈਸਡ ਫੂਡ ਪ੍ਰਾਈਵੇਟ ਲਿਮ: ਦੇ ਨਵੀਨ ਖੱਤਰੀ, ਵਿਜੇਤਾ ਪ੍ਰੋਸੈਸਡ ਫੂਡਜ਼ ਦੇ ਸ਼੍ਰੀ ਸੀ.ਐਸ. ਸ਼ਰਮਾ, ਪੰਜਾਬ ਐਗਰੀ ਵੈਨਚਰ ਦੇ ਅਸ਼ੋਕ ਕੁਮਾਰ, ਐਸ.ਡੀ. ਬਾਤਿਸ਼ ਚਾਣਕਿਆ ਡੇਅਰੀ ਪ੍ਰੋਡਕਟਸ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।
ਨੰ: (ਲਸਫਸ)-18/1246